ਬੇਅਦਬੀ ! (ਨਿੱਕੀ ਕਹਾਣੀ)

Share this story: WhatsApp X

ਪਿੰਡ ਦੇ ਮੇਲੇ ਵਿੱਚ ਇੱਕ ਮਦਾਰੀ ਤਮਾਸ਼ਾ ਵਿਖਾ ਰਿਹਾ ਸੀ। ਅਚਾਨਕ ਉਸ ਨੇ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿੱਤਾ : ਭੱਜੋ! ਪਟਾਰੀ ਵਿੱਚੋਂ ਸੱਪ ਨਿਕਲ ਗਿਆ!

ਲੋਕ ਡਰ ਕੇ ਇੱਧਰ-ਉੱਧਰ ਭੱਜਣ ਲੱਗੇ। ਸਾਰਿਆਂ ਦੀਆਂ ਨਜ਼ਰਾਂ ਜ਼ਮੀਨ ਉੱਤੇ ਸੱਪ ਲੱਭ ਰਹੀਆਂ ਸਨ, ਪਰ ਧਰਮ ਸਿੰਘ ਦੀ ਨਜ਼ਰ ਮਦਾਰੀ ਦੇ ਸਾਥੀ ਉੱਤੇ ਪੈ ਗਈ, ਜਿਹੜਾ ਭੀੜ ਵਿੱਚ ਲੋਕਾਂ ਦੀਆਂ ਜੇਬਾਂ ਸਾਫ਼ ਕਰ ਰਿਹਾ ਸੀ।

ਧਰਮ ਸਿੰਘ ਨੇ ਉਸ ਦੀ ਬਾਂਹ ਫੜ ਲਈ।

ਅਮਨ : ਦਾਦਾ ਜੀ, ਤੁਹਾਨੂੰ ਸੱਪ ਤੋਂ ਡਰ ਨਹੀਂ ਲੱਗਿਆ?

ਧਰਮ ਸਿੰਘ : ਪੁੱਤਰਾ, ਮੈਨੂੰ ਸੱਪ ਕਿਤੇ ਦਿਸਿਆ ਹੀ ਨਹੀਂ। ਮਦਾਰੀ ਚਾਹੁੰਦਾ ਸੀ ਕਿ ਲੋਕ ਇੱਕ ਪਾਸੇ ਵੇਖਣ ਅਤੇ ਉਸ ਦਾ ਸਾਥੀ ਦੂਜੇ ਪਾਸੇ ਆਪਣਾ ਕੰਮ ਕਰ ਜਾਵੇ।

ਅਗਲੇ ਦਿਨ ਗੁਰੂ ਘਰ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਦੁਖਦਾਈ ਖ਼ਬਰ ਆ ਗਈ। ਸੰਗਤ ਵਿੱਚ ਭਾਰੀ ਰੋਸ ਫੈਲ ਗਿਆ। ਕੁਝ ਲੋਕ ਬਿਨਾਂ ਤਸਦੀਕ ਕੀਤਿਆਂ ਸੋਸ਼ਲ ਮੀਡੀਆ ਦੀਆਂ ਗੱਲਾਂ ਅੱਗੇ ਭੇਜਣ ਅਤੇ ਦੂਜਿਆਂ ਉੱਤੇ ਦੋਸ਼ ਲਾਉਣ ਲੱਗੇ।

ਅਮਨ : ਦਾਦਾ ਜੀ, ਹੁਣ ਆਪਾਂ ਕੀ ਕਰੀਏ?

ਧਰਮ ਸਿੰਘ : ਸਰੂਪ ਦੀ ਸੰਭਾਲ ਕਰੀਏ, ਸਬੂਤ ਬਚਾਈਏ, ਦੋਸ਼ੀ ਨੂੰ ਲੱਭੀਏ ਅਤੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਡਟ ਕੇ ਆਵਾਜ਼ ਚੁੱਕੀਏ। ਪਰ ਗੁੱਸੇ ਵਿੱਚ ਆਪਣੀ ਸੋਚ ਕਿਸੇ ਹੋਰ ਦੇ ਹਵਾਲੇ ਨਾ ਕਰੀਏ।

ਅਮਨ : ਉਹ ਕਿਉਂ?

ਧਰਮ ਸਿੰਘ : ਕਿਉਂਕਿ ਉਕਸਾਉਣ ਵਾਲਾ ਪਹਿਲਾਂ ਸਾਡੀ ਸਭ ਤੋਂ ਪਵਿੱਤਰ ਭਾਵਨਾ ਨੂੰ ਸੱਟ ਮਾਰਦਾ ਹੈ। ਜਦੋਂ ਸਾਡੀਆਂ ਅੱਖਾਂ ਗੁੱਸੇ ਨਾਲ ਭਰ ਜਾਂਦੀਆਂ ਹਨ, ਉਹ ਆਪਣੇ ਦੂਜੇ ਹੱਥ ਨਾਲ ਸਾਡੀ ਏਕਤਾ, ਸਿਆਣਪ ਅਤੇ ਅਸਲ ਮੁੱਦੇ ਚੋਰੀ ਕਰ ਲੈਂਦਾ ਹੈ। ਹਰ ਘਟਨਾ ਦਾ ਸੱਚ ਨਿਰਪੱਖ ਜਾਂਚ ਨਾਲ ਸਾਹਮਣੇ ਆਉਣਾ ਚਾਹੀਦਾ ਹੈ, ਪਰ ਇਹ ਸਵਾਲ ਵੀ ਪੁੱਛਣਾ ਚਾਹੀਦਾ ਹੈ ਕਿ ਸਾਡੇ ਰੋਸ ਦਾ ਫਾਇਦਾ ਕੌਣ ਲੈ ਰਿਹਾ ਹੈ।

ਅਮਨ : ਪਰ ਜੇ ਕੋਈ ਪਾਵਨ ਅੰਗਾਂ ਨੂੰ ਫਾੜੇ ਜਾਂ ਨੁਕਸਾਨ ਪਹੁੰਚਾਵੇ ਤਾਂ ਕੀ ਉਹ ਗੁਰੂ ਨੂੰ ਖ਼ਤਮ ਕਰ ਸਕਦਾ ਹੈ?

ਧਰਮ ਸਿੰਘ : ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਸਾਡੇ ਪ੍ਰਤੱਖ ਗੁਰੂ ਹਨ ਅਤੇ ਉਨ੍ਹਾਂ ਦੀ ਬੇਅਦਬੀ ਬਹੁਤ ਵੱਡਾ ਅਪਰਾਧ ਹੈ। ਪਰ ਗੁਰੂ ਦਾ ਸ਼ਬਦ ਕਿਸੇ ਦੀ ਪਹੁੰਚ ਵਿੱਚ ਆਉਣ ਵਾਲੀ ਵਸਤੂ ਨਹੀਂ। ਉਹ ਸਿੱਖ ਦੇ ਹਿਰਦੇ, ਵਿਚਾਰ ਅਤੇ ਜੀਵਨ ਵਿੱਚ ਵੱਸਦਾ ਹੈ। ਗੁਰਬਾਣੀ ਆਖਦੀ ਹੈ :

ਗੁਰ ਕਾ ਬਚਨੁ ਬਸੈ ਜੀਅ ਨਾਲੇ ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥

ਧਰਮ ਸਿੰਘ : ਦੋਸ਼ੀ ਸਰੂਪ ਨੂੰ ਨੁਕਸਾਨ ਪਹੁੰਚਾ ਕੇ ਸਾਡਾ ਹਿਰਦਾ ਦੁਖਾ ਸਕਦਾ ਹੈ, ਪਰ ਗੁਰ-ਸ਼ਬਦ ਨੂੰ ਸਾੜ ਜਾਂ ਚੋਰੀ ਨਹੀਂ ਕਰ ਸਕਦਾ। ਹਾਂ, ਜੇ ਅਸੀਂ ਉਸ ਦੀ ਚਾਲ ਵਿੱਚ ਫਸ ਕੇ ਆਪਸ ਵਿੱਚ ਲੜ ਪਏ ਅਤੇ ਸਰਕਾਰਾਂ ਤੇ ਪ੍ਰਬੰਧਕਾਂ ਤੋਂ ਪੁੱਛਣ ਵਾਲੇ ਸਵਾਲ ਭੁੱਲ ਗਏ ਤਾਂ ਉਹ ਸਾਡੀ ਅਕਲ ਜ਼ਰੂਰ ਚੋਰੀ ਕਰ ਲਵੇਗਾ।

ਅਮਨ ਕੁਝ ਸੋਚ ਕੇ ਬੋਲਿਆ : ਦਾਦਾ ਜੀ, ਮੇਲੇ ਵਾਲਾ ਮਦਾਰੀ ਲੋਕਾਂ ਦੀਆਂ ਜੇਬਾਂ ਕਟਵਾਉਂਦਾ ਸੀ ਅਤੇ ਸਿਆਸੀ ਮਦਾਰੀ ਲੋਕਾਂ ਦੀ ਸੋਚ?

ਧਰਮ ਸਿੰਘ : ਬਿਲਕੁਲ ਪੁੱਤਰਾ! ਫ਼ਰਕ ਸਿਰਫ਼ ਇੰਨਾ ਹੈ ਕਿ ਜੇਬ ਕੱਟੀ ਜਾਵੇ ਤਾਂ ਮਨੁੱਖ ਨੂੰ ਉਸੇ ਦਿਨ ਪਤਾ ਲੱਗ ਜਾਂਦਾ ਹੈ, ਪਰ ਸੋਚ ਕੱਟੀ ਜਾਵੇ ਤਾਂ ਕਈ ਵਾਰ ਉਹ ਸਾਰੀ ਉਮਰ ਤਾੜੀਆਂ ਹੀ ਮਾਰਦਾ ਰਹਿੰਦਾ ਹੈ!

Leave a Comment

Reader Comments