ਰਾਗੀ ਜਾਂ ਪ੍ਰੋਫੈਸ਼ਨਲ ? (ਨਿੱਕੀ ਕਹਾਣੀ)

Share this story: WhatsApp X

ਗੁਰਦੁਆਰੇ ਤੋਂ ਵਾਪਸ ਆਉਂਦਿਆਂ ਮਨਪ੍ਰੀਤ ਆਪਣੇ ਦਾਦਾ ਜੀ ਨਾਲ ਗੱਲਾਂ ਕਰ ਰਿਹਾ ਸੀ।

ਮਨਪ੍ਰੀਤ : ਦਾਦਾ ਜੀ, ਜਿਹੜੇ ਰਾਗੀ ਸਿੰਘਾਂ ਨੂੰ ਅਸੀਂ ਬੜੇ ਸਤਿਕਾਰ ਨਾਲ ਸੁਣਦੇ ਹਾਂ, ਜੇ ਉਨ੍ਹਾਂ ਬਾਰੇ ਕੋਈ ਮਾੜੀ ਗੱਲ ਸਾਹਮਣੇ ਆ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?

ਦਾਦਾ ਜੀ ਨੇ ਪੁੱਛਿਆ, “ਕਿਹੜੀ ਮਾੜੀ ਗੱਲ?”

ਮਨਪ੍ਰੀਤ : ਬੱਸ ਜੀ, ਅੱਜਕੱਲ੍ਹ ਇੱਕ ਰਾਗੀ ਸਿੰਘ ਬਾਰੇ ਕਈ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਕੋਈ ਇਲਜ਼ਾਮ ਲਾ ਰਿਹਾ ਹੈ, ਕੋਈ ਹੱਕ ਵਿੱਚ ਬੋਲ ਰਿਹਾ ਹੈ ਤੇ ਕੋਈ ਵਿਰੋਧ ਵਿੱਚ।

ਦਾਦਾ ਜੀ ਮੁਸਕਰਾ ਕੇ ਬੋਲੇ : “ਪੁੱਤ, ਪਹਿਲਾਂ ਇਹ ਸਮਝ ਕਿ ਅਸੀਂ ਗੁਰਬਾਣੀ ਸੁਣਨ ਜਾਂਦੇ ਹਾਂ ਜਾਂ ਰਾਗੀ ਦਾ ਜੀਵਨ ਵੇਖਣ?”

ਮਨਪ੍ਰੀਤ ਕੁਝ ਸੋਚ ਕੇ ਬੋਲਿਆ, “ਗੁਰਬਾਣੀ ਸੁਣਨ।”

ਦਾਦਾ ਜੀ ਨੇ ਕਿਹਾ : “ਫਿਰ ਰਾਗੀ ਦੀ ਆਵਾਜ਼ ਵਿੱਚੋਂ ਨਿਕਲਦੀ ਬਾਣੀ ਨੂੰ ਗੁਰੂ ਦੀ ਬਾਣੀ ਸਮਝੀਂ, ਪਰ ਰਾਗੀ ਨੂੰ ਗੁਰੂ ਨਾ ਸਮਝ ਬੈਠੀਂ। ਰਾਗੀ ਹੋਵੇ, ਕਥਾਵਾਚਕ ਹੋਵੇ ਜਾਂ ਪ੍ਰਚਾਰਕ, ਹਰ ਕੋਈ ਇੱਕ ਮਨੁੱਖ ਹੈ। ਉਸ ਦੀ ਸੇਵਾ ਦਾ ਸਤਿਕਾਰ ਆਪਣੀ ਥਾਂ ਹੈ, ਪਰ ਉਸ ਦੇ ਨਿੱਜੀ ਜੀਵਨ ਨੂੰ ਗੁਰਮਤਿ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ।”

ਮਨਪ੍ਰੀਤ ਨੇ ਪੁੱਛਿਆ, “ਪਰ ਜੇ ਇਲਜ਼ਾਮ ਝੂਠੇ ਹੋਣ ਤਾਂ?”

ਦਾਦਾ ਜੀ ਬੋਲੇ : “ਤਾਂ ਬਿਨਾਂ ਜਾਂਚੇ ਕਿਸੇ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ। ਪਰ ਜੇ ਕੋਈ ਗੱਲ ਸੱਚੀ ਨਿਕਲ ਆਵੇ ਤਾਂ ਸਿਰਫ਼ ਇਸ ਕਰਕੇ ਅੱਖਾਂ ਵੀ ਨਹੀਂ ਮੀਟ ਲੈਣੀਆਂ ਕਿ ਉਸ ਨੇ ਸਾਨੂੰ ਕਦੇ ਬਹੁਤ ਸੋਹਣੀ ਬਾਣੀ ਸੁਣਾਈ ਸੀ।” ਗੁਰਬਾਣੀ ਗਾਉਣਾ ਇੱਕ ਕਲਾ ਅਤੇ ਸੇਵਾ ਹੋ ਸਕਦੀ ਹੈ, ਪਰ ਗੁਰਮਤਿ ਅਨੁਸਾਰ ਜੀਵਨ ਜਿਊਣਾ ਇੱਕ ਵੱਖਰੀ ਜ਼ਿੰਮੇਵਾਰੀ ਹੈ।

ਮਨਪ੍ਰੀਤ ਫਿਰ ਬੋਲਿਆ : “ਪਰ ਦਾਦਾ ਜੀ, ਕੁਝ ਲੋਕ ਤਾਂ ਆਪਣੇ ਪਸੰਦੀਦਾ ਰਾਗੀ ਦੇ ਹੱਕ ਵਿੱਚ ਇੰਨੇ ਡਟ ਜਾਂਦੇ ਨੇ ਕਿ ਸੱਚ-ਝੂਠ ਦੀ ਗੱਲ ਹੀ ਨਹੀਂ ਸੁਣਦੇ।”

ਦਾਦਾ ਜੀ ਹੱਸ ਕੇ ਬੋਲੇ : “ਪੁੱਤ, ਇਹੀ ਤਾਂ ਗੜਬੜ ਹੈ। ਅਸੀਂ ਕਈ ਵਾਰ ਗੁਰੂ ਦੇ ਸਿੱਖ ਬਣਨ ਦੀ ਥਾਂ ਕਿਸੇ ਵਿਅਕਤੀ ਦੇ ਪ੍ਰਸ਼ੰਸਕ ਬਣ ਜਾਂਦੇ ਹਾਂ। ਫਿਰ ਉਸ ਦੀ ਹਰ ਗੱਲ ਸਾਨੂੰ ਠੀਕ ਲੱਗਦੀ ਹੈ ਤੇ ਉਸ ਦੀ ਗ਼ਲਤੀ ਵੀ ਸਾਨੂੰ ਕਿਸੇ ਦੀ ਸਾਜ਼ਿਸ਼ ਲੱਗਣ ਲੱਗ ਪੈਂਦੀ ਹੈ।”

ਕੁਝ ਪਲ ਰੁਕ ਕੇ ਦਾਦਾ ਜੀ ਨੇ ਕਿਹਾ : “ਗੁਰਬਾਣੀ ਦਾ ਸਤਿਕਾਰ ਕਿਸੇ ਵਿਅਕਤੀ ਦੇ ਚੰਗੇ ਜਾਂ ਮਾੜੇ ਵਿਹਾਰ ਨਾਲ ਘਟਦਾ-ਵਧਦਾ ਨਹੀਂ। ਪਰ ਗੁਰਬਾਣੀ ਸੁਣਾਉਣ ਵਾਲੇ ਦਾ ਕਿਰਦਾਰ ਵੀ ਉਸ ਦੀ ਜ਼ਿੰਮੇਵਾਰੀ ਹੈ। ਸੇਵਾ ਦਾ ਮਤਲਬ ਸਿਰਫ਼ ਸਟੇਜ ’ਤੇ ਬੈਠਣਾ ਨਹੀਂ, ਆਪਣੇ ਜੀਵਨ ਵਿੱਚ ਵੀ ਗੁਰਮਤਿ ਦੀ ਸੇਧ ਲੈਣੀ ਹੈ।”

ਮਨਪ੍ਰੀਤ ਚੁੱਪ ਹੋ ਗਿਆ।

ਦਾਦਾ ਜੀ ਨੇ ਅਖੀਰ ਵਿੱਚ ਕਿਹਾ :

“ਯਾਦ ਰੱਖੀਂ ਪੁੱਤ, ਨਾ ਕਿਸੇ ਦੇ ਚੰਗਾ ਗਾਉਣ ਨੂੰ ਉਸ ਦੇ ਹਰ ਕੰਮ ਦਾ ਸਰਟੀਫਿਕੇਟ ਸਮਝੀਂ ਤੇ ਨਾ ਕਿਸੇ ਇਲਜ਼ਾਮ ਨੂੰ ਆਖ਼ਰੀ ਸੱਚ। ਸੱਚ ਦੀ ਪਰਖ ਕਰ, ਪਰ ਆਪਣਾ ਬਿਬੇਕ ਕਿਸੇ ਦੀ ਸ਼ਖ਼ਸੀਅਤ ਕੋਲ ਗਹਿਣੇ ਨਾ ਰੱਖੀਂ।

ਇੱਕ ਹੋਰ ਗੱਲ, ਹਰ ਰਾਗੀ ਨੂੰ ਗੁਰਮਤਿ ਦਾ ਧਾਰਨੀ ਸਮਝ ਲੈਣਾ ਵੀ ਸਾਡੀ ਭੁੱਲ ਹੋ ਸਕਦੀ ਹੈ। ਕੋਈ ਰਾਗੀ ਆਪਣੀ ਕਲਾ ਕਰਕੇ ਵੀ ਜਾਣਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਉਹ ਸਿਰਫ਼ ਇੱਕ ਪੇਸ਼ੇਵਰ ਗਾਇਕ ਹੀ ਹੋਵੇ। ਸਿਰਫ਼ ਇਸ ਕਰਕੇ ਕਿ ਉਹ ਗੁਰਬਾਣੀ ਗਾਉਂਦਾ ਹੈ, ਉਸ ਦੇ ਨਿੱਜੀ ਜੀਵਨ ਨੂੰ ਗੁਰਮਤਿ ਦੀ ਕਸੌਟੀ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ।” ਸਿਰਫ ਇਹ ਧਿਆਨ ਰੱਖਣਾ ਕਿ "ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥"

ਮਨਪ੍ਰੀਤ ਨੇ ਸਿਰ ਹਿਲਾਇਆ।

ਉਸ ਦਿਨ ਉਸ ਨੂੰ ਇੱਕ ਗੱਲ ਸਮਝ ਆ ਗਈ ਸੀ :

ਗੁਰੂ ਦੀ ਬਾਣੀ ਨਾਲ ਜੁੜਨਾ ਹੈ, ਬਾਣੀ ਸੁਣਾਉਣ ਵਾਲੇ ਦਾ ਅੰਨ੍ਹਾ ਅਨੁਯਾਈ ਨਹੀਂ ਬਣਨਾ।

Leave a Comment

Reader Comments