ਬਿੰਦੂ ਜਿੰਨਾ ਗਿਆਨ! (ਨਿੱਕੀ ਕਹਾਣੀ)

Share this story: WhatsApp X

ਇੱਕ ਦਿਨ ਕਿਸੇ ਨੇ ਪੁੱਛਿਆ, “ਬਾਬਾ ਜੀ, ਇੰਨਾ ਕੁਝ ਪੜ੍ਹ ਲਿਆ, ਹੁਣ ਤਾਂ ਤੁਹਾਨੂੰ ਸਭ ਕੁਝ ਪਤਾ ਹੋਵੇਗਾ?”

ਬਜ਼ੁਰਗ ਹੱਸ ਪਿਆ ਤੇ ਬੋਲਿਆ : “ਪਹਿਲਾਂ ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਕੁਝ ਜਾਣਦਾ ਹਾਂ। ਹੁਣ ਜਿੰਨੀ ਉਮਰ ਵਧ ਰਹੀ ਹੈ, ਉੱਨਾ ਹੀ ਮਹਿਸੂਸ ਹੁੰਦਾ ਹੈ ਕਿ ਮੈਨੂੰ ਤਾਂ ਅਜੇ ਕੁਝ ਵੀ ਨਹੀਂ ਪਤਾ!” ਫਿਰ ਉਸ ਨੇ ਅਸਮਾਨ ਵੱਲ ਵੇਖਿਆ ਤੇ ਕਿਹਾ, “ਇਸ ਬੇਅੰਤ ਕੁਦਰਤ ਦੇ ਸਾਹਮਣੇ ਮੇਰੀ ਹੋਂਦ ਤਾਂ ਇੱਕ ਬਿੰਦੂ ਜਿੰਨੀ ਵੀ ਨਹੀਂ ਲੱਗਦੀ। ਫਿਰ ਕਿਸ ਗੱਲ ਦਾ ਗਿਆਨ ਤੇ ਕਿਸ ਗੱਲ ਦਾ ਮਾਣ?”

ਉਸ ਬੰਦੇ ਨੇ ਹੈਰਾਨ ਹੋ ਕੇ ਪੁੱਛਿਆ, “ਫਿਰ ਬਾਬਾ ਜੀ, ਹੁਣ ਗਿਆਨੀ ਬਣਨ ਨੂੰ ਚਿੱਤ ਨਹੀਂ ਕਰਦਾ?”

ਬਜ਼ੁਰਗ ਨੇ ਜਵਾਬ ਦਿੱਤਾ, “ਹੁਣ ਤਾਂ ਮੂਰਖ ਬਣੇ ਰਹਿਣਾ ਚੰਗਾ ਲੱਗਦਾ ਹੈ ! ਉਹ ਮੂਰਖ, ਜਿਸ ਨੂੰ ਆਪਣੇ ਗਿਆਨ ਦਾ ਹੰਕਾਰ ਨਾ ਹੋਵੇ, ਜੋ ਹਰ ਰੋਜ਼ ਕੁਝ ਨਵਾਂ ਸਿੱਖ ਸਕੇ ਤੇ ਦੂਜਿਆਂ ਦੇ ਗੁਣ ਵੇਖ ਸਕੇ। ਗਿਆਨ ਇਕੱਠਾ ਕਰਨ ਨਾਲੋਂ ਗੁਣੀ ਹੋਣਾ ਵਧੇਰੇ ਚੰਗਾ ਲੱਗਣ ਲੱਗ ਪਿਆ ਹੈ।”

ਉਹ ਬੰਦਾ ਬੋਲਿਆ, “ਪਰ ਬਾਬਾ ਜੀ, ਲੋਕ ਤਾਂ ਤੁਹਾਨੂੰ ਗਿਆਨੀ ਮੰਨਦੇ ਹਨ!”

ਬਜ਼ੁਰਗ ਮੁਸਕਰਾਇਆ, “ਲੋਕ ਕੀ ਮੰਨਦੇ ਹਨ, ਇਹ ਉਨ੍ਹਾਂ ਦੀ ਮਰਜ਼ੀ। ਮੈਂ ਤਾਂ ਹੁਣ ਆਪਣੇ ਅੰਦਰੋਂ ‘ਮੈਂ ਹੀ ਜਾਣਦਾ ਹਾਂ’ ਵਾਲੀ ਆਵਾਜ਼ ਘਟਾਉਣੀ ਚਾਹੁੰਦਾ ਹਾਂ।”

ਫਿਰ ਹੌਲੀ ਜਿਹੀ ਆਵਾਜ਼ ਵਿੱਚ ਬੋਲਿਆ, “ਗੁਰਮਤਿ ਵੀ ਤਾਂ ਹਉਮੈ ਛੱਡ ਕੇ ਨਿਮਰਤਾ ਅਤੇ ਗੁਣਾਂ ਵਾਲਾ ਜੀਵਨ ਜਿਊਣ ਦੀ ਸਿੱਖਿਆ ਦਿੰਦੀ ਹੈ। ਗਿਆਨ ਜੇ ਹਉਮੈ ਵਧਾ ਦੇਵੇ ਤਾਂ ਉਹ ਸਾਨੂੰ ਆਪਣੇ ਆਪ ਤੋਂ ਹੀ ਦੂਰ ਕਰ ਸਕਦਾ ਹੈ।”

ਉਹ ਬੰਦਾ ਕੁਝ ਦੇਰ ਚੁੱਪ ਰਿਹਾ। ਫਿਰ ਕਹਿਣ ਲੱਗਾ, “ਬਾਬਾ ਜੀ, ਅੱਜ ਮੈਂ ਤੁਹਾਡੇ ਕੋਲ ਗਿਆਨ ਲੈਣ ਆਇਆ ਸੀ, ਪਰ ਤੁਸੀਂ ਤਾਂ ਮੇਰਾ ਹੰਕਾਰ ਹੀ ਸਵਾਲਾਂ ਵਿੱਚ ਪਾ ਦਿੱਤਾ!”

ਬਜ਼ੁਰਗ ਹੱਸ ਪਿਆ, “ਬੱਸ ਭਾਈ, ਜਦੋਂ ਸਵਾਲ ਪੁੱਛਣੇ ਸਿੱਖ ਲਵਾਂਗੇ, ਉਦੋਂ ਸ਼ਾਇਦ ਸਿੱਖਣਾ ਵੀ ਸ਼ੁਰੂ ਕਰ ਦਿਆਂਗੇ!”

ਸ਼ਾਇਦ ਅਸਲ ਸਿਆਣਪ ਇਹ ਨਹੀਂ ਕਿ ਅਸੀਂ ਕਿੰਨਾ ਜਾਣਦੇ ਹਾਂ, ਸਗੋਂ ਇਹ ਹੈ ਕਿ ਅਸੀਂ ਕਿੰਨੀ ਨਿਮਰਤਾ ਨਾਲ ਸਿੱਖਣ ਲਈ ਤਿਆਰ ਹਾਂ।

Leave a Comment

Reader Comments