ਭਲਾਈ ਜਾਂ ਭਲਾ ਸੁਭਾਅ? (ਨਿੱਕੀ ਕਹਾਣੀ )
ਇੱਕ ਦਿਨ ਰਣਜੀਤ ਅਤੇ ਹਰਵਿੰਦਰ ਦੋਵੇਂ ਗੱਲਾਂ ਕਰ ਰਹੇ ਸਨ।
ਰਣਜੀਤ ਕਹਿਣ ਲੱਗਾ, “ਮੈਂ ਤਾਂ ਸਭ ਦਾ ਭਲਾ ਕਰਦਾ ਹਾਂ, ਪਰ ਲੋਕ ਮੇਰੀ ਕਦਰ ਹੀ ਨਹੀਂ ਕਰਦੇ!”
ਹਰਵਿੰਦਰ ਹੱਸ ਕੇ ਬੋਲਿਆ, “ਭਾਈ, ਭਲਾਈ ਕਰਨੀ ਚੰਗੀ ਗੱਲ ਹੈ, ਪਰ ਭਲਾ ਸੁਭਾਅ ਹੋਣਾ ਵੀ ਜ਼ਰੂਰੀ ਹੈ।”
ਰਣਜੀਤ ਨੇ ਪੁੱਛਿਆ, “ਇਹ ਦੋਵੇਂ ਵੱਖ ਕਿਵੇਂ ਹੋਏ?”
ਹਰਵਿੰਦਰ ਨੇ ਕਿਹਾ, “ਤੂੰ ਕਿਸੇ ਦੀ ਮਦਦ ਕਰਕੇ ਸਾਰੇ ਪਿੰਡ ਨੂੰ ਸੁਣਾ ਦਿੰਦਾ ਹੈਂ, ਤੇ ਕੋਈ ਤੇਰੀ ਗੱਲ ਨਾ ਮੰਨੇ ਤਾਂ ਉਸੇ ਨੂੰ ਬੁਰਾ-ਭਲਾ ਕਹਿਣ ਲੱਗ ਪੈਂਦਾ ਹੈਂ। ਇਹ ਭਲਾਈ ਤਾਂ ਹੋ ਸਕਦੀ ਹੈ, ਪਰ ਸੁਭਾਅ ਵਿੱਚ ਅਜੇ ਗੁੱਸਾ ਤੇ ਹਉਮੈ ਬਾਕੀ ਹੈ।”
ਰਣਜੀਤ ਖਿਝ ਕੇ ਬੋਲਿਆ, “ਤੂੰ ਮੈਨੂੰ ਹੀ ਮਾੜਾ ਸਾਬਤ ਕਰਨਾ ਚਾਹੁੰਦਾ ਹੈਂ!”
ਹਰਵਿੰਦਰ ਮੁਸਕਰਾ ਕੇ ਬੋਲਿਆ, “ਵੇਖ ਲੈ, ਗੱਲ ਤਾਂ ਹੁਣੇ ਹੀ ਸਾਬਤ ਹੋ ਗਈ!”
ਦੋਵੇਂ ਹੱਸ ਪਏ।
ਫਿਰ ਹਰਵਿੰਦਰ ਨੇ ਸਮਝਾਇਆ, “ਭਾਈ, ਗੁਰੂ ਸਾਹਿਬ ਨੇ ਕਿਰਤ ਕਰਕੇ, ਧਰਮ ਦੀ ਕਮਾਈ ਵਿੱਚੋਂ ਦੂਜਿਆਂ ਨੂੰ ਦੇ ਕੇ ਭਲਾ ਕਰਨ ਦੀ ਸਿੱਖਿਆ ਦਿੱਤੀ ਹੈ:
‘ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ।’
ਪਰ ਸਿਰਫ਼ ਕਿਸੇ ਦਾ ਭਲਾ ਕਰ ਦੇਣਾ ਹੀ ਕਾਫ਼ੀ ਨਹੀਂ। ਸੇਵਾ ਕਰਦਿਆਂ ਮਨ ਵਿੱਚ ਫਲ ਦੀ ਇੱਛਾ ਜਾਂ ਆਪਣੀ ਨੇਕੀ ਦਾ ਮਾਣ ਵੀ ਨਹੀਂ ਹੋਣਾ ਚਾਹੀਦਾ। ਗੁਰਬਾਣੀ ਫ਼ਰਮਾਉਂਦੀ ਹੈ:
‘ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥’
ਰਣਜੀਤ ਨੇ ਸਿਰ ਹਿਲਾਇਆ, “ਮਤਲਬ ਦੂਜਿਆਂ ਦਾ ਭਲਾ ਕਰਦਿਆਂ ਆਪਣੇ ਸੁਭਾਅ ਦਾ ਵੀ ਇਲਾਜ ਕਰਨਾ ਪਵੇਗਾ!”
ਹਰਵਿਦੰਰ ਬੋਲਿਆ, “ਬਿਲਕੁਲ! ਭਲਾਈ ਕਰਕੇ ਜੇ ਬਦਲੇ ਵਿੱਚ ਵਡਿਆਈ, ਕਦਰ ਜਾਂ ਸ਼ੁਕਰਾਨੇ ਦੀ ਉਮੀਦ ਰੱਖੀਏ, ਤਾਂ ਸੇਵਾ ਨਾਲ ਹਉਮੈ ਵੀ ਮੁਫ਼ਤ ਕਮਾਉਣ ਲੱਗ ਪੈਂਦੇ ਹਾਂ!”
ਰਣਜੀਤ ਹੱਸ ਕੇ ਬੋਲਿਆ, “ਹੁਣ ਸਮਝ ਆਈ! ਦੂਜਿਆਂ ਦਾ ਭਲਾ ਕਰਨ ਤੋਂ ਪਹਿਲਾਂ ਆਪਣੀ ਹਉਮੈ ਦਾ ਵੀ ਕੁਝ ਕਰਨਾ ਪਵੇਗਾ।”
ਹਰਵਿੰਦਰ : ਭਲਾਈ ਹੱਥਾਂ ਦੇ ਕੰਮ ਵਿੱਚ ਦਿਸਦੀ ਹੈ, ਪਰ ਭਲਾ ਸੁਭਾਅ ਸਾਡੀ ਸੋਚ, ਬੋਲਾਂ ਅਤੇ ਵਰਤਾਅ ਵਿੱਚ। ਗੁਰਮਤਿ ਸਾਨੂੰ ਕਿਰਤ ਕਰਕੇ ਵੰਡ ਛਕਣ, ਨਿਸ਼ਕਾਮ ਸੇਵਾ ਕਰਨ ਅਤੇ ਹਉਮੈ ਤੋਂ ਬਚਣ ਦਾ ਰਾਹ ਦਿਖਾਉਂਦੀ ਹੈ।
Leave a Comment