ਕੇਕ ਜਾਂ ਕੇਸ ? (ਨਿੱਕੀ ਕਹਾਣੀ )
“ਕੇਕ ਕੱਟਣਾ, ਮੋਮਬੱਤੀਆਂ ਬੁਝਾਉਣੀਆਂ… ਇਹ ਸਿੱਖੀ ਦਾ ਰਿਵਾਜ ਨਹੀਂ। ਸਾਡੇ ਪ੍ਰਚਾਰਕ ਵੀ ਆਖਦੇ ਨੇ।”
ਮੁੰਡੇ ਨੇ ਸਿਰ ਹਿਲਾ ਕੇ ਕਿਹਾ : “ਚੰਗਾ ਬਾਪੂ, ਨਹੀਂ ਕੱਟਦਾ।”
ਇੰਨੇ ਨੂੰ ਟੀ.ਵੀ. ’ਤੇ ਇਕ ਵੱਡੇ ਸਿੱਖ ਕਲਾਕਾਰ ਦਾ ਸਨਮਾਨ ਹੋਣ ਲੱਗ ਪਿਆ।
ਬਾਪੂ ਜੀ ਕੁਰਸੀ ਤੋਂ ਉੱਠ ਕੇ ਬੋਲੇ,
“ਆਹ ਬੰਦਾ ਤਾਂ ਸਾਡਾ ਹੀਰਾ ਐ! ਵੱਡਾ ਮਾਣ ਐ ਸਿੱਖ ਕੌਮ ਦਾ।”
ਮੁੰਡੇ ਨੇ ਟੀ.ਵੀ. ਵੱਲ ਵੇਖਿਆ, ਫੇਰ ਬਾਪੂ ਜੀ ਵੱਲ।
“ਪਰ ਬਾਪੂ… ਇਹਨਾਂ ਦੇ ਤਾਂ ਕੇਸ ਹੀ ਨਹੀਂ ਹਨ , ਦਾਹੜੀ ਵੀ ਕੱਟੀ ਕੀਤੀ ਹੋਈ ਹੈ। ਬਸ ਸੋਹਣੀ ਦਸਤਾਰ ਵੇਖ ਕੇ ਹੀ ਕੌਮ ਦਾ ਹੀਰੋ ਬਣਾਈ ਜਾਂਦੇ ਹੋ ?”
ਬਾਪੂ ਜੀ ਚੁੱਪ ਹੋ ਗਏ।
ਮੁੰਡੇ ਨੇ ਹੌਲੀ ਜਿਹੀ ਗੱਲ ਹੋਰ ਪੁੱਛ ਲਈ,
“ਬਾਪੂ, ਜੇ ਕੇਕ ਨੂੰ ਲੈ ਕੇ ਸਿੱਖੀ ਦੀ ਐਨੀ ਚਿੰਤਾ ਹੈ,
ਤਾਂ ਕੇਸਾਂ ਬਾਰੇ ਸਾਡੀ ਚਿੰਤਾ ਕਿੱਥੇ ਗਈ?”
ਬਾਪੂ ਜੀ ਕੋਲ ਇਸ ਵਾਰੀ ਕੋਈ ਜਵਾਬ ਨਹੀਂ ਸੀ।
ਮੁੰਡਾ ਹੌਲੀ ਜਿਹਾ ਬੋਲਿਆ :
“ਬਾਪੂ, ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਕੇਕ ਉੱਤੇ ਵਿਵਾਦ ਨਾਲੋਂ ਆਪਣਾ ਨਜ਼ਰੀਆ ਬਦਲਣ ਦੀ ਜ਼ਿਆਦਾ ਲੋੜ ਐ?
“ਕੇਕ ਆਪਣੇ ਆਪ ਵਿੱਚ ਕੋਈ ਧਾਰਮਿਕ ਵਸਤੂ ਨਹੀਂ। ਅੱਜ ਇਸ ਨੂੰ ਕਿਸੇ ਇੱਕ ਧਰਮ ਦੀ ਨਿਸ਼ਾਨੀ ਨਹੀਂ ਮੰਨਿਆ ਜਾਂਦਾ।” ਜਿਵੇਂ ਪੀਜ਼ਾ ਖਾਧਾ, ਚਾਈਨੀਜ਼ ਖਾਧਾ, ਮੁਗਲਈ ਖਾਦਾ… ਓਵੇਂ ਕੇਕ ਜਾਂ ਪੇਸਟਰੀ ਖਾ ਲਈ।
ਇਹ ਤਾਂ ਬੱਸ ਖਾਣ ਵਾਲੀ ਇੱਕ ਚੀਜ਼ ਐ। ਹਰ ਚੀਜ਼ ਨੂੰ ਬਿਨਾਂ ਸਮਝੇ ਧਰਮ ਦੇ ਖਾਤੇ ਵਿੱਚ ਪਾ ਦੇਣਾ ਵੀ ਤਾਂ ਚੰਗੀ ਗੱਲ ਨਹੀਂ।
ਕੁਝ ਪਲ ਦੋਹਾਂ ਵਿਚਕਾਰ ਚੁੱਪ ਰਹੀ, ਫਿਰ ਬਾਪੂ ਜੀ ਮੁਸਕਰਾ ਕੇ ਬੋਲੇ,
“ਪੁੱਤ… ਅੱਜ ਕੇਕ ਕੱਟੇਂਗਾ ਜਾਂ ਨਹੀਂ, ਇਹ ਤਾਂ ਅਲੱਗ ਗੱਲ ਐ…
ਪਰ ਅੱਜ ਮੇਰੇ ਬਹੁਤ ਸਾਰੇ ਭਰਮ ਜ਼ਰੂਰ ਕੱਟੇ ਜਾਣਗੇ!”
ਫਿਰ ਹੌਲੀ ਜਿਹੇ ਬੋਲੇ,
“ਅਸੀਂ ਕਈ ਵਾਰੀ ਨਿੱਕੀਆਂ ਸੱਭਿਆਚਾਰਕ ਗੱਲਾਂ ਨੂੰ ਬਹੁਤ ਵੱਡਾ ਧਾਰਮਿਕ ਮਸਲਾ ਬਣਾ ਲੈਂਦੇ ਹਾਂ… ਪਰ ਜਦੋਂ ਗੱਲ ਸਿੱਖੀ ਦੇ ਵੱਡੇ ਮਸਲਿਆਂ ਦੀ ਆਉਂਦੀ ਹੈ, ਤਾਂ ਸਾਡਾ ਮਾਪਦੰਡ ਕਿਉਂ ਬਦਲ ਜਾਂਦਾ ਹੈ ?”
Leave a Comment