ਫ਼ੈਸਲਾ! (ਨਿੱਕੀ ਕਹਾਣੀ)
ਗੁਰਦੁਆਰੇ ਦੇ ਪ੍ਰਧਾਨ ਹਰਭਜਨ ਸਿੰਘ ਆਪਣੇ ਇਲਾਕੇ ਵਿੱਚ ਬੜੇ ਸੂਝਵਾਨ ਮੰਨੇ ਜਾਂਦੇ ਸਨ। ਉਨ੍ਹਾਂ ਦੀ ਸੂਝ ਦੀ ਖ਼ਾਸੀਅਤ ਇਹ ਸੀ ਕਿ ਹਰ ਔਖੇ ਮਸਲੇ ਦਾ ਅਜਿਹਾ ਹੱਲ ਕੱਢ ਲੈਂਦੇ ਸਨ, ਜਿਸ ਨਾਲ ਉਨ੍ਹਾਂ ਦਾ ਆਪਣਾ ਕੋਈ ਨੁਕਸਾਨ ਨਾ ਹੋਵੇ।
ਇੱਕ ਦਿਨ ਗੁਰਦੁਆਰੇ ਦਾ ਸੇਵਾਦਾਰ ਜਗਤਾਰ ਸਿੰਘ ਦੇਸੀ ਘਿਉ ਦੀ ਇੱਕ ਪੀਪੀ ਲੈ ਕੇ ਪ੍ਰਧਾਨ ਜੀ ਦੇ ਘਰ ਪਹੁੰਚਿਆ।
“ਪ੍ਰਧਾਨ ਜੀ, ਇਹ ਥੋੜ੍ਹਾ ਜਿਹਾ ਦੇਸੀ ਘਿਉ ਤੁਹਾਡੇ ਲਈ ਲਿਆਇਆ ਹਾਂ। ਬੱਸ, ਇੱਕ ਨਿੱਕਾ ਜਿਹਾ ਕੰਮ ਸੀ। ਤਿੰਨ ਬੰਦਿਆਂ ਨਾਲ ਕੁਝ ਮਾਮਲਾ ਫਸ ਗਿਆ ਹੈ।”
ਪ੍ਰਧਾਨ ਜੀ ਨੇ ਘਿਉ ਦੀ ਪੀਪੀ ਸਾਂਭਦਿਆਂ ਆਖਿਆ, “ਜਗਤਾਰ ਸਿੰਘ, ਤੂੰ ਫ਼ਿਕਰ ਨਾ ਕਰ। ਗੁਰੂ ਘਰ ਦੇ ਸੇਵਾਦਾਰ ਦਾ ਕੰਮ ਪਹਿਲਾਂ ਹੋਣਾ ਚਾਹੀਦਾ ਹੈ।”
ਅਗਲੇ ਦਿਨ ਹੀ ਜਗਤਾਰ ਸਿੰਘ ਤਿੰਨ ਜਣਿਆਂ ਨਾਲ ਪ੍ਰਧਾਨ ਜੀ ਕੋਲ ਆਇਆ। ਤਿੰਨਾਂ ਦੇ ਜਗਤਾਰ ਸਿੰਘ ਨਾਲ ਆਪਣੇ-ਆਪਣੇ ਮਸਲੇ ਸਨ।
ਪਹਿਲਾ, ਗੁਰਮੇਲ ਸਿੰਘ ਬੋਲਿਆ, “ਪ੍ਰਧਾਨ ਜੀ, ਜਗਤਾਰ ਸਿੰਘ ਨੇ ਮੇਰੇ ਕੋਲੋਂ ਗੁਰੂ ਘਰ ਲਈ ਮਾਇਆ ਲਈ, ਪਰ ਨਾ ਤਾਂ ਪਰਚੀ ਦਿੱਤੀ ਤੇ ਨਾ ਹੀ ਹਿਸਾਬ ਦਿੱਤਾ। ਹੁਣ ਮੈਂ ਹਿਸਾਬ ਮੰਗਦਾ ਹਾਂ ਤਾਂ ਇਹ ਲੱਲਾ-ਭੱਭਾ-ਸੱਜਾ ਕਰਦਾ ਹੈ।”
ਪ੍ਰਧਾਨ ਜੀ ਨੇ ਆਖਿਆ, “ਗੁਰਮੇਲ ਸਿੰਘ, ਗੁਰੂ ਘਰ ਵਿੱਚ ਮਾਇਆ ਦੇ ਕੇ ਹਿਸਾਬ ਮੰਗਣਾ ਕਿਹੜੀ ਸੇਵਾ ਹੋਈ? ਦਾਨ ਤਾਂ ਨਿਸ਼ਕਾਮ ਭਾਵਨਾ ਨਾਲ ਕੀਤਾ ਜਾਂਦਾ ਹੈ। ਤੂੰ ਹਿਸਾਬ ਮੰਗ ਕੇ ਆਪਣਾ ਆਪ ਕਿਉਂ ਗੁਆਉਣਾ ਹੈ? ਇਸ ਨੂੰ ਮਾਫ਼ ਕਰ ਦੇ।”
ਦੂਜਾ, ਬਲਦੇਵ ਸਿੰਘ ਬੋਲਿਆ, “ਪ੍ਰਧਾਨ ਜੀ, ਜਗਤਾਰ ਸਿੰਘ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਜਦੋਂ ਮੈਂ ਵਿਰੋਧ ਕੀਤਾ ਤਾਂ ਮੈਨੂੰ ਥੱਪੜ ਮਾਰ ਦਿੱਤਾ।”
ਪ੍ਰਧਾਨ ਜੀ ਨੇ ਬੜੀ ਗੰਭੀਰਤਾ ਨਾਲ ਆਖਿਆ, “ਬਲਦੇਵ ਸਿੰਘ, ਗੁਰਮਤਿ ਸਾਨੂੰ ਨਿਮਰਤਾ ਸਿਖਾਉਂਦੀ ਹੈ। ਜੇ ਤੂੰ ਨਿਮਰਤਾ ਨਾਲ ਪੇਸ਼ ਆਉਂਦਾ ਤਾਂ ਇਹ ਨੌਬਤ ਹੀ ਨਾ ਆਉਂਦੀ। ਹੁਣ ਵੀ ਨਿਮਰਤਾ ਧਾਰਨ ਕਰ, ਪਿਛਲੇ ਔਗੁਣ ਬਖ਼ਸ਼ ਕੇ ਇਸ ਨੂੰ ਮਾਫ਼ ਕਰ ਦੇ।”
ਤੀਜਾ, ਮੋਹਨ ਸਿੰਘ ਬੋਲਿਆ, “ਪ੍ਰਧਾਨ ਜੀ, ਮੈਂ ਜਗਤਾਰ ਸਿੰਘ ਨੂੰ ਪੰਜ ਰੁਮਾਲੇ ਦਿੱਤੇ ਸਨ ਕਿ ਇਹ ਗੁਰੂ ਸਾਹਿਬ ਜੀ ਨੂੰ ਚੜ੍ਹਾ ਦੇਵੇ। ਹੁਣ ਮੈਨੂੰ ਪਤਾ ਲੱਗਾ ਕਿ ਇਹ ਰੁਮਾਲੇ ਤਾਂ ਬਾਜ਼ਾਰ ਵਿੱਚ ਵੇਚ ਆਇਆ ਤੇ ਮੈਨੂੰ ਆ ਕੇ ਕਹਿ ਦਿੱਤਾ ਕਿ ਸਾਰੇ ਰੁਮਾਲੇ ਗੁਰੂ ਸਾਹਿਬ ਜੀ ਨੂੰ ਚੜ੍ਹਾ ਦਿੱਤੇ ਹਨ।
ਪ੍ਰਧਾਨ ਜੀ ਨੇ ਕੁਝ ਪਲ ਸੋਚਿਆ ਤੇ ਬੋਲੇ, “ਮੋਹਨ ਸਿੰਘ, ਤੂੰ ਰੁਮਾਲੇ ਗੁਰੂ ਸਾਹਿਬ ਜੀ ਦੀ ਸੇਵਾ ਲਈ ਦਿੱਤੇ ਸਨ। ਹੁਣ ਜੇ ਉਹ ਬਾਜ਼ਾਰ ਵਿੱਚ ਵੇਚ ਕੇ ਆਇਆ ਹੈ ਤਾਂ ਤੂੰ ਆਪਣੀ ਨੀਅਤ ਵੇਖ, ਉਸ ਦੀ ਨੀਅਤ ਨਾ ਤੋਲ।” ਫਿਰ ਬੋਲੇ, “ਝੂਠ ਬੋਲਣਾ ਉਸ ਦੀ ਗ਼ਲਤੀ ਹੋ ਸਕਦੀ ਹੈ, ਪਰ ਤੂੰ ਉਸ ਦੇ ਝੂਠ ਨੂੰ ਫੜ ਕੇ ਆਪਣਾ ਮਨ ਕਿਉਂ ਖ਼ਰਾਬ ਕਰਦਾ ਹੈਂ? ਗੁਰੂ ਘਰ ਵਿੱਚ ਆ ਕੇ ਮਨ ਸਾਫ਼ ਰੱਖਣਾ ਸਿੱਖ।”
ਮੋਹਨ ਸਿੰਘ ਮੂੰਹ ਵੇਖਦਾ ਰਹਿ ਗਿਆ। ਜਗਤਾਰ ਸਿੰਘ ਚੁੱਪਚਾਪ ਬੈਠਾ ਰਿਹਾ। ਉਸ ਦੇ ਚਿਹਰੇ ਤੋਂ ਸਾਫ਼ ਦਿਸ ਰਿਹਾ ਸੀ ਕਿ ਦੇਸੀ ਘਿਉ ਦੀ ਪੀਪੀ ਦੇਣਾ ਸਫਲ ਹੋ ਗਿਆ ਸੀ।
ਤਿੰਨੇ ਜਣੇ ਪ੍ਰਧਾਨ ਜੀ ਦੇ ਫ਼ੈਸਲੇ ਸੁਣ ਕੇ ਚੁੱਪਚਾਪ ਉੱਠ ਕੇ ਚਲੇ ਗਏ। ਜਗਤਾਰ ਸਿੰਘ ਵੀ ਪ੍ਰਧਾਨ ਜੀ ਦਾ ਧੰਨਵਾਦ ਕਰ ਕੇ ਆਪਣੇ ਘਰ ਵੱਲ ਤੁਰ ਪਿਆ।
ਨਾਲ ਖੜ੍ਹੇ ਇੱਕ ਬਜ਼ੁਰਗ ਨੇ ਪੁੱਛਿਆ, “ਕੀ ਫ਼ੈਸਲਾ ਹੋਇਆ?”
ਇੱਕ ਸਿੰਘ ਬੋਲਿਆ, “ਫ਼ੈਸਲਾ ਤਾਂ ਹੋ ਗਿਆ, ਪਰ ਇਨਸਾਫ਼ ਦਾ ਪਤਾ ਨਹੀਂ ਲੱਗਿਆ।”
ਬਜ਼ੁਰਗ ਹੱਸ ਕੇ ਬੋਲੇ,
“ਜਿੱਥੇ ਮਰਿਆਦਾ ਨੂੰ ਆਪਣੇ ਹਿੱਤਾਂ ਮੁਤਾਬਕ ਸਮਝਿਆ ਜਾਵੇ, ਉੱਥੇ ਫ਼ੈਸਲੇ ਤਾਂ ਬਹੁਤ ਹੁੰਦੇ ਨੇ, ਪਰ ਇਨਸਾਫ਼ ਘੱਟ ਹੀ ਮਿਲਦਾ ਹੈ।”
Leave a Comment