ਟੁੱਟੀਆਂ ਜੜ੍ਹਾਂ ! (ਨਿੱਕੀ ਕਹਾਣੀ)

Share this story: WhatsApp X

ਹੜ੍ਹ ਦੇ ਪਾਣੀ ਨਾਲ ਗੁਰਪ੍ਰੀਤ ਦੀ ਦੁਕਾਨ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ। ਉਹ ਗੁੰਮ-ਸੁੰਮ ਜਿਹਾ ਬੈਠਾ ਸੀ।

ਗੁਰਪ੍ਰੀਤ : ਦਾਦਾ ਜੀ, ਸਭ ਕੁਝ ਮੁੱਕ ਗਿਆ। ਹੁਣ ਮੈਂ ਕੀ ਕਰਾਂ?

ਦਾਦਾ ਗੁਰਮੁਖ ਸਿੰਘ ਉਸ ਨੂੰ ਵਿਹੜੇ ਵਿੱਚ ਡਿੱਗੇ ਇੱਕ ਬੂਟੇ ਕੋਲ ਲੈ ਗਏ ਅਤੇ ਬੂਟੇ ਨੂੰ ਮੁੜ ਮਿੱਟੀ ਵਿੱਚ ਲਾਉਣ ਲੱਗੇ।

ਗੁਰਪ੍ਰੀਤ : ਇਸ ਦੀਆਂ ਤਾਂ ਜੜ੍ਹਾਂ ਵੀ ਟੁੱਟ ਗਈਆਂ ਹਨ। ਇਹ ਕਿਵੇਂ ਬਚੇਗਾ? ਦੁਬਾਰਾ ਕਿਵੇਂ ਪੁੰਗਰੇਗਾ?

ਦਾਦਾ : ਜੇ ਮਾਲੀ ਸਾਥ ਨਾ ਛੱਡੇ ਤਾਂ ਟੁੱਟੀਆਂ ਜੜ੍ਹਾਂ ਵਾਲਾ ਬੂਟਾ ਵੀ ਮੁੜ ਜੜ੍ਹ ਫੜ ਕੇ ਹਰਾ-ਭਰਾ ਹੋ ਸਕਦਾ ਹੈ। ਇਸੇ ਤਰ੍ਹਾਂ ਜ਼ਮਾਨਾ ਅਤੇ ਹਾਲਾਤ ਮਨੁੱਖ ਦੇ ਰਾਹ ਵਿੱਚ ਕਿੰਨੀਆਂ ਵੀ ਰੁਕਾਵਟਾਂ ਖੜ੍ਹੀਆਂ ਕਰ ਦੇਣ, ਗੁਰੂ ਉਸ ਨੂੰ ਹਿੰਮਤ ਅਤੇ ਕਿਰਤ ਦਾ ਰਾਹ ਵਿਖਾਉਣਾ ਕਦੇ ਨਹੀਂ ਛੱਡਦਾ।

ਫਿਰ ਦਾਦੇ ਨੇ ਗੁਰਬਾਣੀ ਦੀ ਪੰਕਤੀ ਸੁਣਾਈ :
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

ਅਗਲੇ ਦਿਨ ਗੁਰਪ੍ਰੀਤ ਨੇ ਘਰ ਦੇ ਬਾਹਰ ਮੇਜ਼ ਲਗਾ ਕੇ ਮੁਰੰਮਤ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ। ਸਹਿਜੇ-ਸਹਿਜੇ ਉਸ ਦੀ ਮਿਹਨਤ ਰੰਗ ਲਿਆਈ ਅਤੇ ਕੁਝ ਮਹੀਨਿਆਂ ਬਾਅਦ ਉਸ ਨੇ ਨਵੀਂ ਦੁਕਾਨ ਖੋਲ੍ਹ ਲਈ।

ਗੁਰਪ੍ਰੀਤ : ਦਾਦਾ ਜੀ, ਦੁਕਾਨ ਦੀ ਘੁੰਡ-ਚੁਕਾਈ ਲਈ ਰਿਬਨ ਕੱਟ ਦਿਓ।

ਦਾਦਾ : ਪੁੱਤਰਾ, ਰਿਬਨ ਕੱਟਣ ਨਾਲ ਸਿਰਫ਼ ਦੁਕਾਨ ਖੁੱਲ੍ਹਦੀ ਹੈ; ਕਿਸੇ ਦਾ ਵਿਗੜਿਆ ਕੰਮ ਸੰਵਾਰਨ ਨਾਲ ਕਿਰਤ ਸ਼ੁਰੂ ਹੁੰਦੀ ਹੈ। ਲੈ, ਪਹਿਲਾਂ ਇਸ ਚੁੱਪ ਹੋਏ ਰੇਡੀਓ ਨੂੰ ਬੋਲਣਾ ਸਿਖਾ ! ਘਰ ਵਿੱਚ ਬੜੇ ਸਮੇਂ ਤੋਂ ਇਕੱਲਾ ਮੈਂ ਹੀ ਬੋਲੀ ਜਾਂਦਾ ਹਾਂ !

ਦੋਵੇਂ ਹੱਸ ਪਏ ਅਤੇ ਗੁਰਪ੍ਰੀਤ ਆਪਣੀ ਪਹਿਲੀ ਕਿਰਤ ਵਿੱਚ ਜੁਟ ਗਿਆ।

Leave a Comment

Reader Comments