ਅਪਗ੍ਰੇਡ ! (ਨਿੱਕੀ ਕਹਾਣੀ)

Share this story: WhatsApp X

ਲੈ ਵੀਰ ! ਪ੍ਰਸ਼ਾਦ ! (ਧਨਵੰਤੀ ਪ੍ਰਸ਼ਾਦ ਵੰਡ ਰਹੀ ਸੀ)

ਕਿਸ ਗੱਲ ਦਾ ਪ੍ਰਸ਼ਾਦ ਵੰਡ ਰਹੀ ਹੈਂ ਧਨਵੰਤੀਏ ? (ਹਰਪਾਲ ਸਿੰਘ ਨੇ ਪੁਛਿਆ)

ਧਨਵੰਤੀ : ਮੇਰੇ ਪੁੱਤਰ ਹਰਜੰਟ ਨੇ ਸ਼ਰਾਬ ਛੱਡ ਦਿੱਤੀ ਹੈ ! ਅੱਜ ਪਿਛਲੇ ਦੋ ਮਹੀਨੇ ਤੋਂ ਉਸਨੂੰ ਸ਼ਰਾਬ ਦੇ ਨੇੜੇ ਵੀ ਨਹੀਂ ਵੇਖਿਆ !

ਹਰਪਾਲ ਸਿੰਘ (ਖੁਸ਼ੀ ਨਾਲ) : ਇਹ ਤਾਂ ਬਹੁਤ ਹੀ ਚੰਗੀ ਖਬਰ ਸੁਣਾਈ ! ਹਰਜੰਟ ਨੇ ਸ਼ਰਾਬ ਛੱਡ ਦਿੱਤੀ ਹੈ, ਹੁਣ ਕੋਈ ਨਸ਼ਾ ਪੱਤਾ ਤੇ ਨਹੀਂ ਕਰਦਾ ?

ਧਨਵੰਤੀ (ਰੱਬ ਦਾ ਸ਼ੁਕਰ ਕਰਦੇ ਹੋਏ) : ਬਸ ਕਿਸੀ ਦਵਾਈ ਦੇ ਇੰਜੇਕਸ਼ਨ ਚਲ ਰਹੇ ਨੇ ਅੱਜਕੱਲ ! ਕੋਈ ਪਾਊਡਰ ਵਾਲੀ ਦਵਾਈ ਵੀ ਚਲ ਰਹੀ ਹੈ ! ਡਾਕਟਰ ਨੇ ਸ਼ਰਾਬ ਛੁੜਾਉਣ ਨੂੰ ਦਿੱਤੇ ਹੋਣੇ !

ਹਰਪਾਲ ਸਿੰਘ ਦਾ ਮੁੰਹ ਖੁੱਲਾ ਦਾ ਖੁੱਲਾ ਰਹ ਗਿਆ ! ਹੁਣ ਓਹ ਅਨਪੜ੍ਹ ਧਨਵੰਤੀ ਨੂੰ ਕੀ ਸਮਝਾਉਂਦਾ ਕਿ ਉਸਦਾ ਪੁੱਤ ਅਪਗ੍ਰੇਡ ਹੋ ਗਿਆ ਹੈ ਤੇ ਸ਼ਰਾਬ ਛੱਡ ਸਮੈਕ ਹੀਰੋਇਨ ਆਦਿ ਨਸ਼ੇ ਵਿੱਚ ਖਚਿਤ ਹੋ ਗਿਆ ਹੈ !

ਲੈ ਵੀਰ ! ਪ੍ਰਸ਼ਾਦ ! (ਆਵਾਜ਼ ਸੁਣ ਕੇ ਹਰਪਾਲ ਸਿੰਘ ਦੇ ਹੋਸ਼ ਵਾਪਿਸ ਪਰਤੇ, ਧਨਵੰਤੀ ਨਾਲੋਂ ਲੰਘ ਰਹੇ ਰਮੇਸ਼ ਨੂੰ ਪੁੱਤਰ ਦੇ ਸ਼ਰਾਬ ਛੱਡਣ ਦੀ ਖੁਸ਼ੀ ਵਿੱਚ ਪ੍ਰਸ਼ਾਦ ਦੇ ਰਹੀ ਸੀ)

ਹਰਪਾਲ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਵੱਗ ਤੁਰੇ !

ਨਾਲ ਦੀ ਦੁਕਾਨ ਦੇ ਟੀ.ਵੀ. ਤੇ ਕਿਸੀ ਸਿਆਸੀ ਆਗੂ ਦੀ ਆਵਾਜ਼ ਗੂੰਜ ਰਹੀ ਸੀ ! ਮੈਂ ਗੁਟਕਾ ਸਾਹਿਬ ਦੀ ਕਸਮ ਖਾ ਕੇ ਕਹਿੰਦਾ ਕਿ ਮੈਂ ਚਾਰ ਮਹੀਨੇ ਵਿੱਚ ਨਹੀਂ, ਚਾਰ ਹਫਤਿਆਂ ਵਿੱਚ ਹੀ ਨਸ਼ੇ ਦਾ ਲੱਕ ਤੋੜ ਦੇਵਾਂਗਾ !

Leave a Comment

Reader Comments